ਪੰਜਾਬ ਦੇ ਲੋਕਾਂ ਨੂੰ ਬਿਜਲੀ ਸਬੰਧੀ ਸਮੱਸਿਆਵਾਂ ਨਾਲ ਪਵੇਗਾ ਜੂਝਣਾ, ਕਿਉਂਕਿ ਸਾਰੇ ਬਿਜਲੀ ਕਾਮੇਂ ਜਾ ਰਹੇ ਨੇ ਸਮੂਹਿਕ ਛੁੱਟੀਆਂ ‘ਤੇ
ਬਿਜਲੀ ਮੰਤਰੀ ਅਤੇ ਪਾਵਰ ਮੈਨੇਜਮੈਂਟ ਨਾਲ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਸਾਰੀਆਂ ਬਿਜਲੀ ਮੁਲਾਜਮ ਜੱਥੇਬੰਦੀਆਂ ਨੇ ਲਿਆ ਏਹ ਸਖਤ ਫੈਸਲਾ
ਮੁਹਾਲੀ 6 ਅਗਸਤ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਰਿੰਦਰ ਸ਼ਿੰਦਾ) ਖਬਰ ਦੇ ਸਿਰਲੇਖ ਪੜ੍ਹ ਕੇ ਲੋਕਾਂ ਨੂੰ ਦਾ ਝਟਕਾ ਜਰੂਰ ਲੱਗਾ ਹੋਵੇਗਾ ਪਰ ਏਹ ਸੋਲਾਂ ਆਨੇ ਸੱਚ ਆ ਕਿ ਬਿਜਲੀ ਕਾਮਿਆਂ ਦੀਆਂ ਪ੍ਰਮੁੱਖ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਅਧਾਰਿਤ ਪੀ ਐਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ (ਰਜਿ ਨੰ 24) ਪਾਵਰਕਾਮ/ ਟ੍ਰਾਂਸ਼ਕੋ ਪੈਨਸ਼ਨਰ ਯੂਨੀਅਨ ਏਟਕ ਪੰਜਾਬ, ਪੈਨਸ਼ਨਰ ਵੈਲਫੇਅਰ ਫੈਡਰੇਸ਼ਨ (ਪਹਿਲਵਾਨ) ਪਾਵਰਕਾਮ ਅਤੇ ਟਰਾਂਸਕੋ ਦੇ ਆਗੂਆਂ ਨੇ ਅੱਜ ਏਹ ਸਖਤ ਫੈਸਲਾ ਲਿਆ ਹੈ। ਜਿਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਸਮੂਹਿਕ ਛੁੱਟੀਆਂ ‘ਤੇ ਜਾਣ ਤੋਂ ਬਾਅਦ ਬਿਜਲੀ ਨਿਗਮ ਦੇ ਖਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਨਾਲ ਜੂਝਣਾ ਪੈ ਸਕਦਾ ਹੈ। ਲੋਕਾਂ ਨੂੰ ਪੇਸ਼ ਆਉਣ ਜਾ ਰਹੀਆਂ ਸਮੱਸਿਆਵਾਂ ਲਈ ਬਿਜਲੀ ਮੁਲਾਜਮ ਆਗੂਆਂ ਨੇ ਇਸਦਾ ਦੋਸ਼ੀ ਬਿਜਲੀ ਮੰਤਰੀ ਨੂੰ ਦੱਸਿਆ ਹੈ। ਆਗੂਆਂ ਦਾ ਕਹਿਣਾ ਹੈ ਕਿ ਮੰਨੀਆਂ ਮੰਗਾਂ ਦੇ ਨੋਟੀਫਿਕੇਸ਼ਨ ਜਾਰੀ ਤੋਂ ਭੱਜੇ ਬਿਜਲੀ ਮੰਤਰੀ ਅਤੇ ਮੈਨੇਜਮੈਂਟ ਦੀ ਨਾਸਮਝੀ ਕਾਰਨ ਲੋਕਾਂ ਨੂੰ ਬਿਜਲੀ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਸੰਕਟ ਬਾਰੇ ਬਿਜਲੀ ਮੁਲਾਜਮਾਂ ਦੇ ਆਗੂਆਂ ਮੁਲਾਜ਼ਮ ਆਗੂਆਂ ਰਤਨ ਸਿੰਘ ਮਜਾਰੀ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਦੱਸਿਆ ਕਿ ਅੱਜ ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਪੀਐਸਟੀਸੀ ਐਲ ਗੈਸਟ ਹਾਊਸ ਮੁਹਾਲੀ ਵਿਖੇ ਮੀਟਿੰਗ ਬੇਸਿੱਟਾ ਰਹੀ। ਜਿਸ ਕਾਰਨ ਸਮੁੱਚੇ ਬਿਜਲੀ ਮੁਲਾਜਮਾਂ ‘ਚ ਰੋਸ ਦੀ ਲਹਿਰ ਦੌੜ ਗਈ ਹੈ ਅਤੇ ਹੁਣ ਉਹ 11, 12 ਅਤੇ 13 ਅਗਸਤ ਨੂੰ ਸਮੂਹਿਕ ਛੁੱਟੀ ‘ਤੇ ਜਾਣਗੇ ਅਤੇ ਜੇਕਰ ਪੰਜਾਬ ਸਰਕਾਰ, ਬਿਜਲੀ ਮੰਤਰੀ ਅਤੇ ਮੈਨੇਜਮੈਂਟ ਨੇ ਫੇਰ ਵੀ ਸਾਡੀ ਗੱਲ ਨਾ ਮੰਨੀ ਤਾਂ ਅੱਗੇ ਫੇਰ ਸਮੂਹਿਕ ਛੁੱਟੀਆਂ ਭਰਕੇ ਇਸ ਸੰਘਰਸ਼ ਨੂੰ ਉਦੋਂ ਤੱਕ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਮੰਨੀਆਂ ਮੰਗਾਂ ਦੇ ਨੋਟੀਫਿਕੇਸ਼ਨ ਜਾਰੀ ਨਹੀਂ ਹੋ ਜਾਂਦੇ। ਉਨ੍ਹਾਂ ਅਪਣੀਆਂ ਮੰਗਾਂ ਨੂੰ ਜਾਇਜ ਅਤੇ ਸੰਘਰਸ਼ ਨੂੰ ਸੰਵਿਧਾਨਿਕ ਆਖਦਿਆਂ ਕਿਹਾ ਕਿ ਲੰਘੀ 2 ਜੂਨ ਨੂੰ ਬਿਜਲੀ ਮੰਤਰੀ ਦੀ ਪ੍ਰਧਾਨਗੀ ਹੇਠ ਸਥਾਨਕ ਗੈਸਟ ਹਾਊਸ ਵਿਖੇ ਪਾਵਰ ਮੈਨੇਜਮੈਂਟ ਨਾਲ ਜਥੇਬੰਦੀਆਂ ਦੀ ਹੋਈ ਮੀਟਿੰਗ ‘ਚ ਬਹੁਤ ਸਾਰੀਆਂ ਮੰਗਾਂ ਉੱਤੇ ਚਰਚਾ ਹੋਈ ਅਤੇ ਕੁਝ ਨੂੰ ਗਹਿਨ ਚਰਚਾ ਤੋਂ ਬਾਅਦ ਪ੍ਰਵਾਨ ਕਰ ਲਿਆ ਗਿਆ ਪਰ ਉਨ੍ਹਾਂ ਮੰਨੀਆਂ ਹੋਈਆਂ ਮੰਗਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਿਜਲੀ ਮੰਤਰੀ ਅੱਜ ਵੀ ਭੱਜ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਲਈ ਭਵਿੱਖ ਦਾ ਬਿਜਲੀ ਬਾਰੇ ਸੰਕਟ ਬਿਜਲੀ ਮੰਤਰੀ ਅਤੇ ਮੈਨੇਜਮੈਂਟ ਨੇ ਪੈਦਾ ਕੀਤਾ ਹੈ ਜਿਸ ਬਾਬਤ ਪੰਜਾਬ ਦੀ ਜਨਤਾ ਸਾਨੂੰ ਕਟਿਹਰੇ ‘ਚ ਖੜ੍ਹਾ ਕਰਨ ਦੀ ਬਜਾਏ ਪੰਜਾਬ ਸਰਕਾਰ ਦੀ ਕਾਰਗੁਜਾਰੀ ਨੂੰ ਕਰਕੇ ਬਿਜਲੀ ਮੰਤਰੀ ਨੂੰ ਸਵਾਲ ਜਰੂਰ ਕਰੇ। ਉਨ੍ਹਾਂ ਲੋਕਾਂ ਨੂੰ ਪੇਸ਼ ਆਉਣ ਜਾ ਰਹੀਆਂ ਪ੍ਰੇਸ਼ਾਨੀਆਂ ਦੀ ਪਹਿਲਾਂ ਹੀ ਮੁਆਫੀ ਮੰਗਦਿਆਂ ਮੁਲਾਜਮਾਂ ਦੇ ਚੱਲ ਰਹੇ ਸੰਘਰਸ਼ ਲਈ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਸਮੁੱਚੇ ਬਿਜਲੀ ਮੁਲਾਜਮਾਂ ਨੂੰ ਅੱਜ ਤੋਂ ਹੀ ਸਮੂਹਿਕ ਛੁੱਟੀਆਂ ਦੇ ਪ੍ਰੋਫਾਰਮੇਂ ਭਰਕੇ ਅਪਣੇ ਅਪਣੇ ਦਫਤਰਾਂ ‘ਚ ਜਮਾਂ ਕਰਵਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਬਿਜਲੀ ਮੁਲਾਜਮਾਂ ਨੂੰ 11 ਅਗਸਤ ਤੋਂ 13 ਅਗਸਤ ਤੱਕ ਸਮੂਹਿਕ ਛੁੱਟੀ ਭਰਕੇ ਸਮੁੱਚੇ ਪੰਜਾਬ ਦੇ ਬਿਜਲੀ ਦਫਤਰਾਂ ਸਾਹਮਣੇ ਪ੍ਰਦਰਸ਼ਨ ਕਰਨ ਲਈ ਕਿਹਾ। ਉਨ੍ਹਾਂ ਏਹ ਵੀ ਦੱਸਿਆ ਕਿ 15 ਅਗਸਤ ਨੂੰ ਜ਼ਿਲਾ ਹੈਡ ਕੁਆਟਰ ਨੇੜਲੇ ਦਫਤਰ ਵਿੱਚ ਰੋਸ ਰੈਲੀ ਕਰਕੇ ਰੋਸ ਮਾਰਚ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਦੀ ਹੋਵੇਗੀ। ਇਸ ਮੌਕੇ ਮੁਲਾਜ਼ਮ ਆਗੂ ਹਰਪਾਲ ਸਿੰਘ, ਗੁਰਵੇਲ ਸਿੰਘ ਬੱਲਪੁਰੀਆ, ਗੁਰਭੇਜ ਸਿੰਘ ਢਿੱਲੋਂ, ਰਣਜੀਤ ਸਿੰਘ ਢਿੱਲੋਂ, ਜਸਵੀਰ ਸਿੰਘ ਆਂਡਲੂ, ਰਵੇਲ ਸਿੰਘ ਸਹਾਏਪੁਰ, ਸਰਿੰਦਰਪਾਲ ਲਹੌਰੀਆ, ਦਵਿੰਦਰ ਸਿੰਘ ਪਿਸੋਰ, ਸੁਖਵਿੰਦਰ ਸਿੰਘ ਚਾਹਲ, ਸਿਕੰਦਰ ਨਾਥ, ਪਵਨਪ੍ਰੀਤ ਸਿੰਘ, ਦਲੀਪ ਕੁਮਾਰ, ਬਾਬਾ ਅਮਰਜੀਤ ਸਿੰਘ, ਰਾਧੇ ਸ਼ਿਆਮ, ਕੌਰ ਸਿੰਘ ਸੋਹੀ, ਕੁਲਵਿੰਦਰ ਸਿੰਘ ਢਿੱਲੋਂ, ਸਰਬਜੀਤ ਸਿੰਘ ਭਾਣਾ ਆਦਿ ਆਗੂ ਵੀ ਮੀਟਿੰਗ ਵਿੱਚ ਹਾਜ਼ਿਰ ਸਨ।
ਏਥੇ ਏਹ ਵੀ ਜਿਕਰਯੋਗ ਹੈ ਕਿ ਬਿਜਲੀ ਨਿਗਮ ਦੇ ਕੱਚੇ ਕਾਮੇਂ ਪਹਿਲਾਂ ਹੀ ਅੋਜਾਰ ਛੱਡੋ ਹੜਤਾਲ ‘ਤੇ ਹਨ ਜਿਨ੍ਹਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਬਿਜਲੀ ਨਿਗਮ, ਮੈਨੇਜਮੈਂਟ ਅਤੇ ਪੰਜਾਬ ਸਰਕਾਰ ਭੱਜ ਰਹੀ ਹੈ। ਜਿੱਥੇ ਪੱਕੇ ਮੁਲਾਜਮਾਂ ਵੱਲੋਂ 27 ਜੁਲਾਈ ਨੂੰ ਬਿਜਲੀ ਮੰਤਰੀ ਦੀ ਰਿਹਾਇਸ ਉੱਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਉੱਥੇ ਹੀ ਬੀਤੇ ਕੱਲ ਕੱਚੇ ਮੁਲਾਜਮਾਂ ਵੱਲੋਂ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ। ਏਨ੍ਹਾਂ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਟਿਆਲਾ ਵਿਖੇ ਸੀਐਮਡੀ ਨਾਲ ਮੀਟਿੰਗ ਹੈ ਜੇਕਰ ਉਹ ਬੇਸਿੱਟਾ ਰਹਿੰਦੀ ਹੈ ਤਾਂ ਉਨ੍ਹਾਂ ਦੀ ਜੱਥੇਬੰਦੀ ਵੱਲੋਂ ਸਖਤ ਫੈਸਲਾ ਲਿਆ ਜਾਵੇਗਾ।ਪ੍ਰਧਾਨ ਬਲਿਹਾਰ ਸਿੰਘ ਦੇ ਰੁੱਖ ਤੋਂ ਸਾਫ ਜਾਪਦਾ ਹੈ ਕਿ ਉਹ ਵੀ ਅਪਣੇ ਹੱਕਾਂ ਲਈ ਆਰ ਪਾਰ ਦੀ ਲੜਾਈ ਸ਼ੁਰੂ ਕਰ ਸਕਦੇ ਹਨ।
No comments
Post a Comment